ਚੰਡੀਗੜ੍ਹ: Punjab election 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਐਤਵਾਰ ਇੱਕ ਖ਼ਾਸ ਐਲਾਨ ਕੀਤਾ ਗਿਆ ਕਿ ਸਰਕਾਰ ਬਣਨ ‘ਤੇ ਪੰਜਾਬ ਦੇ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਦੀ ਥਾਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਦਕਰ (Dr. BR Ambedkar) ਅਤੇ ਸ਼ਹੀਦ ਭਗਤ ਸਿੰਘ (Sheed Bhagat Singh) ਦੀ ਤਸਵੀਰ ਲਗਾਈ ਜਾਵੇਗੀ। ‘ਆਪ’ ਸੁਪਰੀਮੋ ਵੱਲੋਂ ਇਸਤੋਂ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੂੰ ਕਈ ਗਰੰਟੀਆਂ ਦਿੱਤੀਆਂ ਗਈਆਂ ਹਨ।
ਐਤਵਾਰ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਦਿੱਲੀ ਅਤੇ ਆਪ (AAP) ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਅਤੇ ਉਹ ਇਸ ਗੰਦੀ ਰਾਜਨੀਤੀ ਨੂੰ ਸਾਫ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ। ਇਹ ਆਜ਼ਾਦੀ ਸਾਨੂੰ ਬਹੁਤ ਹੀ ਮੁਸ਼ਕਿਲ ਨਾਲ, ਸਾਡੇ ਬਜ਼ੁਰਗਾਂ ਦੀ ਕੁਰਬਾਨੀ ਨਾਲ ਮਿਲੀ ਹੈ, ਪਰੰਤੂ ਇਸ ਗੰਦੀ ਰਾਜਨੀਤੀ ਕਾਰਨ ਅਸੀਂ ਇਸ ਨੂੰ ਅੱਜ ਭੁੱਲਦੇ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਸਿਸਟਮ ਵਿੱਚ ਗੰਦੀ ਰਾਜਨੀਤੀ ਇਸ ਤਰ੍ਹਾਂ ਹਾਵੀ ਹੋ ਗਈ ਹੈ ਕਿ ਅੱਜ ਲੋਕਾਂ ਕਹਿੰਦੇ ਹਨ ਇਸ ਤੋਂ ਵਧੀਆ ਤਾਂ ਅੰਗਰੇਜ਼ ਸਨ।
ਆਗੂਆਂ ਨੇ ਕਿਹਾ ਕਿ ਭਾਵੇਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਨੇਕਾਂ ਸੂਰਬੀਰਾਂ ਅਤੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਹਨ ਅਤੇ ਕਿਸੇ ਦੀ ਵੀ ਕੁਰਬਾਨੀ ਨੂੰ ਘੱਟ ਨਹੀਂ ਕਿਹਾ ਜਾ ਸਕਦਾ, ਪਰੰਤੂ ਦੋ ਸ਼ਖਸੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਨੂੰ ਸਿਖਰ ਤੱਕ ਪਹੁੰਚਾਇਆ, ਬਾਬਾ ਸਾਹਿਬ ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਆਜ਼ਾਦੀ ਦੀ ਲੜਾਈ ਦੀ ਅਗਵਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਬਾਬਾ ਸਾਹਿਬ ਦੇ ਪ੍ਰਸ਼ੰਸਕ ਨਹੀਂ, ਭਗਤ ਹਾਂ ਅਤੇ ਪੂਜਾ ਕਰਦੇ ਹਾਂ।
ਕੇਜਰੀਵਾਲ ਨੇ ਕਿਹਾ ਕਿ ਬਾਬਾ ਸਾਹਿਬ ਦੀ ਸ਼ਖਸ਼ੀਅਤ ਬਾਰੇ ਪੜ੍ਹ ਕੇ ਯਕੀਨ ਨਹੀਂ ਹੁੰਦਾ ਕਿ ਇਹ ਕਦੇ ਧਰਤੀ ‘ਤੇ ਆਏ ਸਨ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਦੀ ਥਾਂ ਬਾਬਾ ਸਾਹਿਬ ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਜਾਵੇਗੀ। ਜਦਕਿ ਆਮ ਤੌਰ ‘ਤੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੀ ਤਸਵੀਰ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਖਸੀਅਤਾਂ ਦੀ ਤਸਵੀਰ ਵੇਖ ਕੇ ਉਨ੍ਹਾਂ ਦੀ ਕੁਰਬਾਨੀ ਯਾਦ ਆਵੇਗੀ। ਦਿੱਲੀ ਵਿੱਚ ਵੀ ਅਸੀਂ ਕਿਹਾ ਹੈ ਕਿ ਸਰਕਾਰ ਉਨ੍ਹਾਂ ਦੇ ਵਿਚਾਰਾਂ ‘ਤੇ ਚੱਲੇਗੀ।
ਭਗਵੰਤ ਮਾਨ ਨੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਭਗਤ ਸਿੰਘ ਨੇ ਕਦੇ ਵੀ ਆਪਣਿਆਂ ‘ਤੇ ਪਿਸਤੌਲ ਨਹੀਂ ਤਾਣੀ, ਭਾਵੇਂ ਅੰਗਰੇਜ਼ਾਂ ਦੀਆਂ ਗੱਡੀਆਂ ਜ਼ਰੂਰ ਲੁੱਟੀਆਂ।