ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ‘ਚ ਅੱਠਵਾਂ ਰੁਸਤਮ-ਏ-ਹਿੰਦ ਕੁਸ਼ਤੀ ਦੰਗਲ ਅੱਜ ਤੋਂ
ਫਗਵਾੜਾ ਜਨਵਰੀ ( ਰੀਤ ਪ੍ਰੀਤ ਪਾਲ ਸਿੰਘ ) ਧੰਨ ਧੰਨ ਬਾਬਾ ਦੋ ਗੁੱਤਾਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਠਵਾਂ ਰੁਸਤਮ-ਏ-ਹਿੰਦ ਕੁਸ਼ਤੀ ਦੰਗਲ 31 ਜਨਵਰੀ ਤੋਂ 1 ਫਰਵਰੀ ਤੱਕ ਡੇਰਾ ਬਾਬਾ ਜੀ ਦੋ ਗੁੱਤਾਂ ਵਾਲੇ ਪਿੰਡ ਭੁੱਲੇਵਾਲ ਗੁੱਜਰਾਂ (ਮਾਹਿਲਪੁਰ) ਜਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਬਲਜੀਤ ਸਿੰਘ ਬਿਲਨ (ਰਾਏਪੁਰ ਡੱਬਾ), ਪਹਿਲਵਾਨ ਹਰਜੀਤ ਸਿੰਘ (ਮਹਾਂਭਾਰਤ ਕੇਸਰੀ, ਰਾਏਪੁਰ ਡੱਬਾ) ਤੋਂ ਇਲਾਵਾ ਇਸ ਦੰਗਲ ਦੇ ਡਾਇਰੈਕਟਰ ਅਤੇ ਸਾਬਕਾ ਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ, ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ ਤੇ ਮੁੱਖ ਸੇਵਾਦਾਰ ਬਾਲ ਕ੍ਰਿਸ਼ਨ ਆਨੰਦ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੇ ਰੁਸਤਮ-ਏ-ਹਿੰਦ, ਸਿਤਾਰ-ਏ-ਹਿੰਦ ਅਤੇ ਪੰਜਾਬ ਬਾਲ ਕੇਸਰੀ ਮੁਕਾਬਲਿਆਂ ਤੋਂ ਇਲਾਵਾ ਲੜਕਿਆਂ ਦਾ ਸ਼ੇਰ-ਏ-ਹਿੰਦ ਮੁਕਾਬਲਾ ਵੀ ਕਰਵਾਇਆ ਜਾਵੇਗਾ। ਟਾਈਟਲ ਜਿੱਤਣ ਵਾਲੇ ਪਹਿਲਵਾਨਾਂ ਦੇ ਨਾਲ ਕੋਚ-ਉਸਤਾਦਾਂ ਨੂੰ ਵੀ ਦਿਲ ਖਿੱਚਵੇਂ ਇਨਾਮਾ ਨਾਲ ਨਵਾਜਿਆ ਜਾਵੇਗਾ। ਕੁਸ਼ਤੀ ਮੁਕਾਬਲੇ 31 ਜਨਵਰੀ ਦਿਨ ਸੋਮਵਾਰ ਨੂੰ ਦੁਪਿਹਰ ਠੀਕ ਇਕ ਵਜੇ ਸ਼ੁਰੂ ਹੋਣਗੇ। ਪਹਿਲਵਾਨਾਂ ਦੇ ਵਜਨ ਸਵੇਰੇ 10 ਤੋਂ ਦੁਪਿਹਰ 12 ਵਜੇ ਤੱਕ ਕੀਤੇ ਜਾਣਗੇ। ਉਹਨਾਂ ਸਮੂਹ ਕੁਸ਼ਤੀ ਪ੍ਰੇਮੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਕੁਸ਼ਤੀ ਮੁਕਾਬਲਿਆਂ ਦਾ ਆਨੰਦ ਮਾਣ ਲਈ ਹੁੰਮ ਹੁਮਾ ਕੇ ਪਹੁੰਚਣ ‘ਤੇ ਕੋਵਿਡ-19 ਨੂੰ ਦੇਖਦੇ ਹੋਏ ਸਰੀਰਕ ਦੂਰੀ ਦਾ ਖਾਸ ਖਿਆਲ ਰੱਖਣ ਅਤੇ ਮੂੰਹ ਤੇ ਫੇਸ ਮਾਸਕ ਜਰੂਰ ਲਗਾ ਕੇ ਆਉਣ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਕੋਚ, ਰਵਿੰਦਰ ਨਾਥ ਕੋਚ, ਰਾਜਿੰਦਰ ਸਿੰਘ ਰਾਇਤ, ਸ਼ੰਮੀ ਪਹਿਲਵਾਨ ਤੋਂ ਇਲਾਵਾ ਰੀਤ ਪ੍ਰੀਤ ਪਾਲ ਸਿੰਘ ਵੀ ਹਾਜਰ ਸਨ।
ਤਸਵੀਰ ਸਮੇਤ।