ਮੂਨਕ, 2 ਫਰਵਰੀ (ਨਰੇਸ ਤਨੇਜਾ) – ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਰਿੰਦਰ ਗੋਇਲ ਐਡਵੋਕੇਟ ਦੇ ਹੱਕ ਵਿਚ ਉਨ੍ਹਾਂ ਦੀ ਭਰਜਾਈ ਨੈਸ਼ਨਲ ਐਵਾਰਡੀ ਕਾਂਤਾ ਗੋਇਲ ਨੇ ਇਲਾਕੇ ਅੰਦਰ ਘਰ-ਘਰ ਜਾ ਕੇ ਆਪਣੇ ਜੇਠ ਲਈ ਵੋਟਾਂ ਦੀ ਮੰਗ ਕੀਤੀ ਅਤੇ ਕਿਹਾ ਕਿ ਲਹਿਰਾਗਾਗਾ ਨੂੰ ਪਹਿਲੀ ਵਾਰ ਅਜਿਹਾ ਵਿਧਾਇਕ ਮਿਲੇਗਾ ਜੋ ਲਹਿਰਾਗਾਗਾ ਦਾ ਹੀ ਰਹਿਣ ਵਾਲਾ ਹੋਵੇਗਾ।ਬਾਕੀ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਹੋਰ ਹਲਕਿਆਂ ਦੇ ਉਤਾਰੇ ਜਾਂਦੇ ਸਨ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਹਲਕੇ ਦੇ ਲੋਕਾਂ ਲਈ ਬੁਨਿਆਦੀ ਸਹੂਲਤਾਂ ਲੈ ਕੇ ਆਵਾਂਗੇ।ਕਿਸੇ ਵੀ ਵਿਅਕਤੀ ਨੂੰ ਆਪਣੇ ਕੰਮ-ਕਾਰ ਲਈ ਚੰਡੀਗੜ੍ਹ ਦੇ ਗੇੜੇ ਨਹੀਂ ਲਗਾਉਣੇ ਪੈਣਗੇ ਸਗੋਂ ਉਨ੍ਹਾਂ ਦੇ ਕੰਮ ਚੰਡੀਗੜ੍ਹ ਤੋਂ ਕਰਵਾ ਕੇ ਬਰਿੰਦਰ ਗੋਇਲ ਖੁਦ ਲੈ ਕੇ ਆਇਆ ਕਰਨਗੇ।ਉਨ੍ਹਾਂ ਕਿਹਾ ਕਿ ਇਸ ਵਾਰ ਹਲਕੇ ਦੇ ਲੋਕਾਂ ਲਈ ਇਕ ਸੁਨਹਿਰੀ ਮੌਕਾ ਹੈ ਕਿ ਉਹ ਆਪਣੀਆਂ ਵੋਟਾਂ ਝਾੜੂ ਨੂੰ ਪਾਉਣ।ਮੈਡਮ ਗੋਇਲ ਨੇ ਕਿਹਾ ਕਿ ਪੰਜਾਬ ਨੂੰ ਸਿਰਫ਼ ਆਮ ਆਦਮੀ ਪਾਰਟੀ ਹੀ ਮੁੜ ਲੀਹ ’ਤੇ ਲਿਆ ਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਸਕਦੀ ਹੈ ਕਿਉਂਕਿ ਅਕਾਲੀਆ ਤੇ ਕਾਂਗਰਸੀਆਂ ਨੇ ਪੰਜਾਬ ਉੱਪਰ ਕਈ ਗੁਣਾ ਕਰਜ਼ਾ ਚਾੜ੍ਹ ਕੇ ਰੱਖ ਦਿੱਤਾ ਹੈ ਜਿਸ ਨੂੰ ਉਤਾਰਣ ਲਈ ਇਕ ਵਧੀਆ ਸਰਕਾਰ ਚੁਣਨ ਦੀ ਲੋੜ ਹੈ।
ਫੋਟੋ
ਲਹਿਰਾਗਾਗਾ ਵਿਖੇ ਨੈਸ਼ਨਲ ਐਵਾਰਡੀ ਕਾਂਤਾ ਗੋਇਲ ਘਰ-ਘਰ ਜਾ ਕੇ ਵੋਟਾਂ ਮੰਗਦੇ ਹੋਏ।