ਚੋਣ ਅਮਲੇ ਨੂੰ ਈ.ਵੀ.ਐੱਮ, ਵੀਵੀਪੈਟ ਅਤੇ ਚੋਣ ਪ੍ਰੀਕ੍ਰਿਆ ਦੀ ਦਿੱਤੀ ਜਾਣਕਾਰੀ
ਹਰ ਕਰਮਚਾਰੀ ਚੋਣ ਡਿਊਟੀ ਨੂੰ ਪੂਰੀ ਜਿੰਮੇਵਾਰੀ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਵੇ : ਮਨਵਿੰਦਰਾ ਪ੍ਰਤਾਪ ਸਿੰਘ

ਬਟਾਲਾ, (ਰਛਪਾਲ ਸਿੰਘ ) – ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਚੋਣ ਅਮਲੇ ’ਚ ਤਾਇਨਾਤ ਕੀਤੇ ਕਰਮਚਾਰੀਆਂ ਦੀ ਅੱਜ ਸਥਾਨਕ ਬੇਰਿੰਗ ਯੂਨੀਅਨ ਕਿ੍ਰਸ਼ਚੀਅਨ ਕਾਲਜ ਵਿਖੇ ਦੂਸਰੀ ਰਿਹਰਸਲ ਕਰਵਾਈ ਗਈ। ਜਰਨਲ ਅਬਜ਼ਰਵਰ ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ ਆਈ.ਏ.ਐੱਸ. ਦੀ ਹਾਜ਼ਰੀ ਵਿੱਚ ਕਰੀਬ 1200 ਕਰਮਚਾਰੀਆਂ ਨੇ ਸਿਖਲਾਈ ਵਿੱਚ ਭਾਗ ਲਿਆ। ਇਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਰਿਟਰਨਿੰਗ ਅਫ਼ਸਰ ਸ੍ਰੀ ਰਾਮ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਰਿਹਰਸਲ ਦੌਰਾਨ ਚੋਣ ਅਮਲੇ ਨਾਲ ਗੱਲ ਕਰਦਿਆਂ ਵਿਧਾਨ ਸਭਾ ਹਲਕਾ ਬਟਾਲਾ ਲਈ ਨਿਯੁਕਤ ਜਰਨਲ ਅਬਜ਼ਰਵਰ ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸਮੁੱਚੀ ਚੋਣ ਪ੍ਰੀਕ੍ਰਿਆ ਨੂੰ ਪੂਰੀ ਤਰਾਂ ਨਿਰਪੱਖਤਾ, ਅਜ਼ਾਦਾਨਾ ਅਤੇ ਸ਼ਾਂਤਮਈ ਮਹੌਲ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਿਹੜੇ ਵੀ ਕਰਮਚਾਰੀ ਚੋਣ ਡਿਊਟੀ ’ਤੇ ਲਗਾਏ ਗਏ ਹਨ ਉਨਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ, ਜਿੰਮੇਵਾਰੀ ਅਤੇ ਮਿਹਨਤ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ’ਤੇ ਤਾਇਨਾਤ ਹਰ ਕਰਮਚਾਰੀ ਨੂੰ ਈ.ਵੀ.ਐੱਮ. ਅਤੇ ਵੀਵੀਪੈਟ ਮਸ਼ੀਨਾਂ ਦੀ ਜਾਣਕਾਰੀ ਹਾਸਲ ਕਰਨ ਦੇ ਨਾਲ ਹੋਰ ਚੋਣ ਪ੍ਰੀਕ੍ਰਿਆ ਨੂੰ ਵੀ ਜਾਨਣਾ ਚਾਹੀਦਾ ਹੈ ਤਾਂ ਜੋ ਵੋਟਾਂ ਵਾਲੇ ਦਿਨ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਚੋਣ ਪ੍ਰੀਕ੍ਰਿਆ ਇੱਕ ਬਹੁਤ ਹੀ ਜਿੰਮੇਵਾਰੀ ਵਾਲਾ ਟਾਸਕ ਹੈ ਅਤੇ ਇਸ ਵਿੱਚ ਕਿਸੇ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਇਸ ਮੌਕੇ ਐੱਸ.ਡੀ.ਐੱਮ ਬਟਾਲਾ ਸ੍ਰੀ ਰਾਮ ਸਿੰਘ ਨੇ ਕਿਹਾ ਕਿ ਜਿਨਾਂ ਕਰਮਚਾਰੀਆਂ ਦੀ ਚੋਣ ਡਿਊਟੀ ਲੱਗੀ ਹੈ ਉਨਾਂ ਨੂੰ ਆਪਣੀ ਡਿਊਟੀ ਦੇਣੀ ਹੀ ਪਵੇਗੀ ਅਤੇ ਕਿਸੇ ਵੀ ਕਰਮਚਾਰੀ ਦੀ ਚੋਣ ਡਿਊਟੀ ਕੱਟੀ ਨਹੀਂ ਜਾਵੇਗੀ। ਉਨਾਂ ਦੱਸਿਆ ਕਿ ਚੋਣ ਅਮਲੇ ਨੂੰ ਚੋਣ ਪ੍ਰੀਕਿ੍ਰਆ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਕੋਵਿਡ-19 ਦੇ ਪ੍ਰੋਟੋਕੋਲ ਬਾਰੇ ਵੀ ਦੱਸਿਆ ਗਿਆ ਹੈ। ਚੋਣ ਅਮਲਾ ਚੋਣ ਪ੍ਰੀਕਿ੍ਰਆ ਦੌਰਾਨ ਚੋਣ ਕਮਿਸ਼ਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਅਮਲ ਨੂੰ ਨੇਪਰੇ ਚਾੜੇਗਾ। ਉਨਾਂ ਦੱਸਿਆ ਕਿ ਚੋਣ ਅਮਲੇ ਵਿੱਚ ਤਾਇਨਾਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ ਅਤੇ ਕਰਮਚਾਰੀਆਂ ਨੂੰ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ।