ਕੋਵਿਡ ਵੈਕਸੀਨ ਲਗਵਾ ਚੁੱਕੇ ਲੋਕਾਂ ਨੇ ਵੈਕਸੀਨ ਨੂੰ ਪੂਰੀ ਤਰਾਂ ਸੁਰੱਖਿਅਤ ਦੱਸਿਆ
ਬਟਾਲਾ, ( ਰਛਪਾਲ ਸਿੰਘ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਰੇ ਯੋਗ ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਸਿਹਤ ਵਿਭਾਗ ਅਤੇ ਬੀ.ਐੱਲ.ਓਜ਼ ਦੀਆਂ ਸਾਂਝੀਆਂ ਟੀਮਾਂ ਵੱਲੋਂ ਬਟਾਲਾ ਸ਼ਹਿਰ ਦੇ ਹਰ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਨ੍ਹਾਂ ਟੀਮਾਂ ਵੱਲੋਂ ਬਟਾਲਾ ਸ਼ਹਿਰ ਦੇ ਹਰ ਘਰ ਵਿੱਚ ਦਸਤਕ ਦੇ ਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ 15 ਸਾਲ ਤੋਂ ਉੱਪਰ ਦਾ ਇੱਕ ਵੀ ਯੋਗ ਵਿਅਕਤੀ ਵੈਕਸੀਨ ਤੋਂ ਬਿਨ੍ਹਾਂ ਨਾ ਰਹੇ। ਓਧਰ ਬਹੁਤ ਸਾਰੇ ਲੋਕ ਵੀ ਵੈਕਸੀਨ ਲਗਵਾਉਣ ਲਈ ਖੁਦ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਜਾ ਰਹੀ ਹੈ।
ਬਟਾਲਾ ਦੀ ਅਨੰਦ ਵਿਹਾਰ ਕਾਲੋਨੀ ਦੀ ਵਸਨੀਕ ਸ਼ਸ਼ੀ ਅਗਰਵਾਲ ਨੇ ਦੱਸਿਆ ਕਿ ਉਸਨੇ ਆਪਣੀਆਂ ਦੋਵੇਂ ਕੋਵਿਡ ਡੋਜ਼ ਪਹਿਲਾਂ ਹੀ ਲਗਵਾ ਲਈਆਂ ਸਨ ਅਤੇ ਅੱਜ ਉਸ ਨੇ ਘਰ ਆਈ ਸਿਹਤ ਵਿਭਾਗ ਦੀ ਟੀਮ ਕੋਲੋਂ ਬੂਸਟਰ ਡੋਜ਼ ਵੀ ਲਗਵਾ ਲਈ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਨੂੰ ਠੱਲ ਪਾਉਣ ਲਈ ਵੈਕਸੀਨ ਬਹੁਤ ਕਾਰਗਰ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਜਿਸ ਵੀ ਵਿਅਕਤੀ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਉਹ ਜਲਦੀ ਤੋਂ ਜਲਦੀ ਵੈਕਸੀਨ ਜਰੂਰ ਲਗਵਾ ਲੈਣ।
ਬਟਾਲਾ ਦੇ ਠਠਿਆਰੀ ਮੁਹੱਲਾ ਦੇ ਵਸਨੀਕ ਜਸਵੰਤ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਕਸੀਨ ਦਾ ਟੀਕਾ ਜਰੂਰ ਲਗਵਾਉਣ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣ ਤੋਂ ਘਬਰਾਉਣਾ ਨਹੀਂ ਚਾਹੀਦਾ, ਇਹ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸ ਨਾਲ ਕੋਵਿਡ ਦੀ ਬਿਮਾਰੀ ਤੋਂ ਬਚਾਅ ਹੁੰਦਾ ਹੈ।
ਓਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਬੀ.ਐੱਲ.ਓਜ਼ ਦੀਆਂ ਸਾਂਝੀਆਂ ਟੀਮਾਂ ਵੱਲੋਂ ਵੈਕਸੀਨ ਲਗਾਉਣ ਲਈ ਹਰ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਵੈਕਸੀਨ ਜ਼ਿਲ੍ਹੇ ਦੇ ਬਾਕੀ ਸ਼ਹਿਰਾਂ ਦੇ ਮੁਕਾਬਲੇ ਕੁਝ ਘੱਟ ਹੋ ਰਹੀ ਹੈ ਜਿਸ ਲਈ ਇਥੇ ਵੈਕਸੀਨੇਸ਼ਨ ’ਤੇ ਹੋਰ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਬਟਾਲਾ ਸ਼ਹਿਰ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 15 ਸਾਲ ਤੋਂ ਉੱਪਰ ਦਾ ਹਰ ਵਿਅਕਤੀ ਵੈਕਸੀਨ ਜਰੂਰ ਲਗਵਾਏ ਕਿਉਂਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਇਹ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵੈਕਸੀਨੇਸ਼ਨ ਟੀਮਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੀ 100 ਫੀਸਦੀ ਅਬਾਦੀ ਨੂੰ ਜਲਦੀ ਤੋਂ ਜਲਦੀ ਵੈਕਸੀਨੇਟ ਕੀਤਾ ਜਾ ਸਕੇ।