ਧੂਰੀ: ਆਮ ਆਦਮੀ ਪਾਰਟੀ (Aam aadmi party) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind kejriwal) ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਅਤੇ ਹਰਸ਼ਿਤਾ (Harshita) ਧੂਰੀ ਪਹੁੰਚ ਗਏ ਹਨ। ਰੇਲੇਵੇ ਸਟੇਸ਼ਨ ਉੱਤੇ ਆਪ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਦੀ ਮਾਤਾ ਤੇ ਭੈਣ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਇਸ ਤੋਂ ਬਾਅਦ ਕੇਜਰੀਵਾਲ ਦਾ ਪਰਿਵਾਰ ਭਗਵੰਤ ਮਾਨ ਦੇ ਘਰ ਗਏ।
ਕੇਜਰੀਵਾਲ ਦਾ ਪਰਿਾਵਰ ਧੂਰੀ ਵਿਖੇ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਔਰਤਾਂ ਨਾਲ ਸੰਵਾਦ ਕਰੇਗਾ। ਆਪ ਨੇ ਧੂਰੀ ਵਿਖੇ ਮਹਿਲਾਵਾਂ ਦੇ ਨਾਲ ਸੰਵਾਦ ਰੱਖਣ ਲਈ ‘ਲੇਖਾ ਮਾਂਵਾਂ ਧੀਆਂ ਦਾ’ ਪ੍ਰੋਗਰਾਮ ਰੱਖਿਆ ਹੈ। ਇਸ ਪ੍ਰੋਗਰਾਮ ਚ ਭਗਵੰਤ ਮਾਨ ਦੇ ਮਾਤਾ ਅਤੇ ਭੈਣ ਵੀ ਮਹਿਲਾਵਾਂ ਨਾਲ ਸੰਵਾਦ ਕਰਨਗੀਆਂ।
ਅਰਵਿੰਦ ਕੇਜਰੀਵਾਲ ਦੀ ਪਤਨੀ ਤੇ ਧੀ ਧੂਰੀ ਰੇਲਵੇ ਸਟੇਸ਼ਨ ਰੇਲ ਗੱਡੀ ਤੋਂ ਉਤਰਦੇ ਹੋਏ।
ਇਸ ਤੋਂ ਪਹਿਲਾਂ ਸੁਨੀਤਾ ਕੇਜਰੀਵਾਲ ਨੇ ਬੀਤੇ ਦਿਨ ਟਵੀਟ ਕਰਕੇ ਆਪਣੇ ਦਿਊਰ ਭਗਵੰਤ ਮਾਨ ਲਈ ਪ੍ਰਚਾਰ ਕਰਨ ਲਈ ਧੂਰੀ ਆਉਣ ਦਾ ਜਾਣਕਾਰੀ ਦਿੱਤੀ ਸੀ। ਜਿਸਦੇ ਜੁਆਬ ਵਿੱਚ ਮਾਨ ਨੇ ਕਿਹਾ ਸੀ ਕਿ ਭਾਬੀ ਜੀ ਤੁਹਾਡਾ ਸੁਆਗਤ ਹੈ, ਲੋਕ ਤੁਹਾਡਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਭਗਵੰਤ ਮਾਨ ਦੀ ਮਾਤਾ ਵੱਲੋਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਗਲਵੱਕੜੀ ਪਾ ਕੇ ਸੁਆਗਤ ਕੀਤਾ।
ਭਗਵੰਤ ਮਾਨ ਸੰਗਰੂਰ ਸੰਸਦੀ ਸੀਟ ਤੋਂ ‘ਆਪ’ ਦੀ ਟਿਕਟ ‘ਤੇ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਧੂਰੀ ਵਿਧਾਨ ਸਭਾ ਹਲਕਾ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ ਹੈ। ਧੂਰੀ ਵਿਧਾਨ ਸਭਾ ਸੀਟ ਵਿੱਚ ਕੁੱਲ 74 ਪਿੰਡ ਹਨ।
ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਹੈ। ਇਸ ਵਾਰ ਕੁੱਲ 2.12 ਕਰੋੜ ਵੋਟਰ ਵੋਟ ਪਾਉਣਗੇ। ਇਨ੍ਹਾਂ ਵਿੱਚੋਂ 10086514 ਮਹਿਲਾ ਵੋਟਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 78.14 ਫੀਸਦੀ ਔਰਤਾਂ ਨੇ ਆਪਣੀ ਵੋਟ ਪਾਈ ਸੀ, ਜੋ ਮਰਦਾਂ ਨਾਲੋਂ 1.45 ਫੀਸਦੀ ਵੱਧ ਸੀ। ਇਸ ਵਾਰ ਵੀ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਵਿੱਚ ਔਰਤਾਂ ਵੱਲੋਂ ਵੱਧ ਵੋਟਾਂ ਪਾਉਣ ਦੀ ਕਿਆਸਰਾਈ ਕੀਤੀ ਜਾ ਰਹੀ ਹੈ।
ਜਾਣੋ ਧੂਰੀ ਬਾਰੇ
ਧੂਰੀ ਦੀ ਗੱਲ ਕਰੀਏ ਤਾਂ ਇਹ ਸੰਗਰੂਰ ਜ਼ਿਲ੍ਹੇ ਦਾ ਇੱਕ ਕਸਬਾ ਹੈ। ਧੂਰੀ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਤਹਿਸੀਲ ਦਾ ਦਰਜਾ ਪ੍ਰਾਪਤ ਹੈ, ਜੋ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸ਼ਾਮਲ ਹੈ। ਧੂਰੀ ਸ਼ਹਿਰ ਨੂੰ ਛੱਡ ਕੇ ਜ਼ਿਆਦਾਤਰ ਪੇਂਡੂ ਖੇਤਰ ਇਸ ਵਿਧਾਨ ਸਭਾ ਸੀਟ ਅਧੀਨ ਆਉਂਦੇ ਹਨ। ਇਸ ਵਿਧਾਨ ਸਭਾ ਹਲਕੇ ਦੀ ਜ਼ਿਆਦਾਤਰ ਅਬਾਦੀ ਰੋਜ਼ੀ-ਰੋਟੀ ਲਈ ਖੇਤੀਬਾੜੀ ‘ਤੇ ਨਿਰਭਰ ਹੈ।
ਆਮ ਆਦਮੀ ਪਾਰਟੀ ਨੇ ਇਸੇ ਸੀਟ ਤੋਂ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਨੂੰ ਮੈਦਾਨ ਵਿਚ ਉਤਾਰ ਕੇ ਚੋਣ ਨੂੰ ਦਿਲਚਸਪ ਬਣਾ ਦਿੱਤਾ ਹੈ। ਅਕਾਲੀ ਦਲ ਨੇ ਪ੍ਰਕਾਸ਼ ਚੰਦਰ ਗਰਗ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਵਿਧਾਨ ਸਭਾ ਸੀਟ ਲਈ 20 ਫਰਵਰੀ ਨੂੰ ਵੋਟਿੰਗ ਹੋਣੀ ਹੈ।
ਸਿਆਸੀ ਪਿਛੋਕੜ
ਧੂਰੀ ਵਿਧਾਨ ਸਭਾ ਸੀਟ ਦੇ ਸਿਆਸੀ ਅਤੀਤ ਦੀ ਗੱਲ ਕਰੀਏ ਤਾਂ ਇਹ ਸੀਟ ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦਾ ਮਜ਼ਬੂਤ ਕਿਲ੍ਹਾ ਮੰਨੀ ਜਾਂਦੀ ਸੀ। 1977 ਅਤੇ 1980 ਵਿੱਚ ਅਕਾਲੀ ਦਲ ਦੇ ਸੰਤ ਸਿੰਘ, 1985 ਵਿੱਚ ਅਕਾਲੀ ਦਲ ਦੇ ਸੁਰਿੰਦਰ ਸਿੰਘ, 1992 ਵਿੱਚ ਕਾਂਗਰਸ ਦੇ ਧਨਵੰਤ ਸਿੰਘ ਇਸ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਧਨਵੰਤ ਸਿੰਘ 1997 ਵਿੱਚ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। 2002 ਵਿਚ ਇਸ ਸੀਟ ਤੋਂ ਅਕਾਲੀ ਦਲ ਦੇ ਗਗਨਜੀਤ ਸਿੰਘ, 2007 ਵਿਚ ਆਜ਼ਾਦ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਅਤੇ 2012 ਵਿਚ ਕਾਂਗਰਸ ਦੇ ਅਰਵਿੰਦ ਖੰਨਾ ਇਸ ਸੀਟ ਤੋਂ ਵਿਧਾਨ ਸਭਾ ਵਿਚ ਪਹੁੰਚੇ ਸਨ।
2017 ਵਿੱਚ ਲੋਕਾਂ ਦਾ ਫੈਸਲਾ
2017 ਦੀਆਂ ਚੋਣਾਂ ਵਿੱਚ ਧੂਰੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਸਨ। ਕਾਂਗਰਸ ਨੇ 2017 ਵਿੱਚ ਇਸ ਸੀਟ ਤੋਂ ਦਲਵੀਰ ਸਿੰਘ ਗੋਲਡੀ ਨੂੰ ਮੈਦਾਨ ਵਿੱਚ ਉਤਾਰਿਆ ਸੀ। ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੇ ‘ਆਪ’ ਦੇ ਜਸਵੀਰ ਸਿੰਘ ਜੱਸੀ ਸੇਖੋ ਨੂੰ 2811 ਵੋਟਾਂ ਨਾਲ ਹਰਾਇਆ। ਅਕਾਲੀ ਦਲ ਦੇ ਹਰੀ ਸਿੰਘ ਤੀਜੇ ਅਤੇ ਅਕਾਲੀ ਦਲ (ਮ) ਦੇ ਸੁਰਜੀਤ ਸਿੰਘ ਕਾਲਾਬੂਲਾ ਚੌਥੇ ਸਥਾਨ ’ਤੇ ਰਹੇ।
ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਇੱਥੇ 14 ਫਰਵਰੀ ਨੂੰ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਗੁਰੂ ਰਵਿਦਾਸ ਜੈਅੰਤੀ ਸਬੰਧੀ ਪਾਰਟੀਆਂ ਦੇ ਕਹਿਣ ‘ਤੇ ਵੋਟਾਂ ਦੀ ਤਰੀਕ ਬਦਲ ਦਿੱਤੀ ਗਈ ਸੀ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੀ ਹੋਵੇਗੀ।