ਬਟਾਲਾ(ਰਛਪਾਲ ਸਿੰਘ) – ਬਟਾਲਾ ਦੇ ਗਾਂਧੀ ਚੌਂਕ ਵਿੱਚ ਖੜ੍ਹਾ ‘ਸ਼ੇਰਾ’ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਉਨਾਂ ਦੀਆਂ ਵੋਟਾਂ ਦੀ ਅਹਿਮੀਅਤ ਬਾਰੇ ਰਚਨਾਤਮਕ ਢੰਗ ਨਾਲ ਜਾਗਰੂਕ ਕਰਾਉਣ ਲਈ ਚੋਣ ਮਾਸਕਟ-‘ਸ਼ੇਰਾ’ ਤਿਆਰ ਕੀਤਾ ਗਿਆ ਹੈ ਅਤੇ ਇਸ ਮਾਸਕਟ ਨੂੰ ਸਰਕਾਰੀ ਦਫ਼ਤਰਾਂ ਅਤੇ ਸ਼ਹਿਰ ਦੇ ਹੋਰ ਪ੍ਰਮੁੱਖ ਥਾਂਵਾਂ ਉੱਪਰ ਸਥਾਪਤ ਕੀਤਾ ਗਿਆ ਹੈ। ਬਟਾਲਾ ਦਾ ਗਾਂਧੀ ਚੌਂਕ ਜੋ ਕਿ ਬਟਾਲਾ ਸ਼ਹਿਰ ਪ੍ਰਮੁੱਖ ਚੌਂਕ ਹੈ ਅਤੇ ਇਥੋਂ ਲੰਘਦੇ ਹਰ ਰਾਹਗੀਰ ਦਾ ਧਿਆਨ ‘ਸ਼ੇਰਾ’ ਆਪਣੇ ਵੱਲ ਜ਼ਰੂਰ ਖਿੱਚਦਾ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਚੋਣ ਕਮਿਸ਼ਨਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਰਵਾਇਤੀ ਪੰਜਾਬੀ ਪਹਿਰਾਵੇ ’ਚ ਤਿਆਰ ਇਲੈਕਸ਼ਨ ਮਾਸਕਟ ‘ਸ਼ੇਰਾ’ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ। ਉਨਾਂ ਕਿਹਾ ਕਿ ਸਿਸਟਮੈਟਿਕ ਵੋਟਰਜ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰਾਜੈਕਟ ਦੇ ਤਹਿਤ ਪ੍ਰਚਾਰਿਤ ਮਾਸਕਟ ‘ਸ਼ੇਰਾ’ ਦਾ ਉਦੇਸ਼ ਵੋਟਰ ਜਾਗਰੂਕਤਾ ਅਤੇ ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਅਤੇ ਨੈਤਿਕ ਵੋਟਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚੋਣ ਕਮਿਸ਼ਨ ਦਾ ਇਹ ਉਪਰਾਲਾ ਖਾਸ ਤੌਰ ’ਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਏਗਾ। ਉਨਾਂ ਦੱਸਿਆ ਕਿ ਪੰਜਾਬ ਦੇ ਸੱਭਿਆਚਾਰ ਅਤੇ ਵੋਟਰਾਂ ਦੀਆਂ ਤਰਜੀਹਾਂ ਨੂੰ ਧਿਆਨ ਵਿੱਚ ਰੱਖਦਿਆਂ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।
ਓਧਰ ਬਟਾਲਾ ਦੇ ਗਾਂਧੀ ਚੌਂਕ ਵਿੱਚ ਪੁਲਿਸ ਪੋਟਸ ਵਿੱਚ ਸਥਾਪਤ ਕੀਤਾ ਗਿਆ ‘ਸ਼ੇਰਾ’ ਬਹੁਤ ਆਕਰਸ਼ਕ ਦਿਖਾਈ ਦਿੰਦਾ ਹੈ ਅਤੇ ਹਰ ਰਾਹਗੀਰ ਦਾ ਧਿਆਨ ਉਸ ਵੱਲ ਖਿਚਿਆ ਜਾਂਦਾ ਹੈ। ਹਨੇਰਾ ਹੋਣ `ਤੇ ਮਾਸਕਟ ਸ਼ੇਰਾ ਲਾਈਟਾਂ ਨਾਲ ਜਗਣ ਲੱਗ ਜਾਂਦਾ ਹੈ ਜਿਸ ਕਾਰਨ ਇਹ ਹੋਰ ਵੀ ਖੂਬਸੂਰਤ ਦਿਖਦਾ ਹੈ। ਇਥੋਂ ਤੱਕ ਕਿ ਕਈ ਰਾਹਗੀਰ ‘ਸ਼ੇਰਾ’ ਨਾਲ ਸੈਲਫੀਆਂ ਲੈਂਦੇ ਵੀ ਦਿਖਾਈ ਦਿੰਦੇ ਹਨ।