ਗੁਰਦਾਸਪੁਰ 2 ਮਾਰਚ () – ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਪ੍ਰੰਤੂ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਡਰ ਸਤਾ ਰਿਹਾ ਹੈ। ਜਿਸ ਕਾਰਨ ਕਾਂਗਰਸ ਪਾਰਟੀ ਨੇ ਜ਼ਿਆਦਾਤਰ ਉਮੀਦਵਾਰਾਂ ਨੂੰ ਕਾਂਗਰਸੀ ਸਰਕਾਰ ਵਾਲੇ ਸੂਬੇ ਰਾਜਸਥਾਨ ’ਚ ਪਰਿਵਾਰਾਂ ਸਮੇਤ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਅਜਿਹੇ 40 ਉਮੀਦਵਾਰ ਹਨ ਜਿਨ੍ਹਾਂ ਵੱਲੋਂ ਆਪਣੀਆਂ ਸੀਟਾਂ ਜਿੱਤਣ ਦੀ ਉਮੀਦ ਹੈ, ਉਨ੍ਹਾਂ ਨੂੰ ਪਾਰਟੀ ਵੱਲੋਂ ਰਾਜਸਥਾਨ ਭੇਜ ਦਿੱਤਾ ਗਿਆ ਹੈ ਜਦਕਿ ਕੁੱਝ ਉਮੀਦਵਾਰਾਂ ਨੂੰ ਦਾਰਜੀਲਿੰਗ ਵੀ ਭੇਜਣ ਦੀ ਸੂਚਨਾ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਣ ਵਾਲਾ ਨਹੀਂ ਹੈ।
ਜੇਕਰ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੂੰ 35 ਤੋਂ 40 ਸੀਟਾਂ ਮਿਲਦੀਆਂ ਹਨ ਅਤੇ ਦੂਜੇ ਪਾਸੇ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਵੀ ਜੇਕਰ 12 ਜਾਂ 15 ਸੀਟਾਂ ’ਤੇ ਜਿੱਤ ਹਾਸਲ ਕਰ ਲੈਂਦੀ ਤਾਂ ਭਾਜਪਾ ਵੱਲੋਂ ਕਾਂਗਰਸ ਪਾਰਟੀ ਦੇ ਇਕ ਜੇਤੂ ਗਰੁੱਪ ਨੂੰ ਤੋੜ ਕੇ ਪੰਜਾਬ ਅੰਦਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਪੰਜਾਬ ਕਾਂਗਰਸ ਨੂੰ ਡਰ ਹੈ ਕਿ ਕਿਤੇ ਚੰਡੀਗੜ੍ਹ ਨਗਰ ਨਿਗਮ ਦੇ ਨਤੀਜਿਆਂ ਤੋਂ ਬਾਅਦ ਜਿਸ ਤਰ੍ਹਾਂ ਭਾਜਪਾ ਨੇ ਉਥੇ ਆਪਣਾ ਮੇਅਰ ਬਣਾ ਲਿਆ ਹੈ ਕਿਤੇ ਉਸੇ ਤਰ੍ਹਾਂ ਪੰਜਾਬ ਵਿਚ ਵੀ ਭਾਜਪਾ ਕਿਤੇ ਅਜਿਹੀ ਹੀ ਖੇਡ ਨਾ ਖੇਡ ਜਾਵੇ। ਇਸ ਤਰ੍ਹਾਂ ਦਾ ਕਾਂਗਰਸ ਹਾਈ ਕਮਾਂਡ ਨੂੰ ਸਤਾ ਰਿਹਾ, ਜਿਸ ਕਰਕੇ ਕਾਂਗਰਸ ਪਾਰਟੀ ਨੇ ਆਪਣੇ ਜ਼ਿਆਦਾਤਰ ਉਮੀਦਵਾਰਾਂ ਨੂੰ ਦੂਜੇ ਰਾਜਾਂ ’ਚ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਭਾਜਪਾ ਨੇ ਪੰਜਾਬ ਦੀ ਵਾਗਡੋਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਵਾਲੇ ਹੈ, ਜਿਸ ਦੇ ਚਲਦਿਆਂ ਉਹ ਕੁੱਝ ਵੀ ਕਰ ਸਕਦੇ ਹਨ।