ਚੋਣ ਨਤੀਜਿਆਂ ਤੋਂ ਠੀਕ ਇਕ ਦਿਨ ਪਹਿਲਾਂ ਜ਼ਿਲ੍ਹਾ ਰੂਪਨਗਰ ‘ਚ ਇਕ ਵੱਡਾ ਧਮਾਕਾ ਹੋਇਆ, ਜਿਸ ਵਿਚ ਪੁਲਸ ਚੌਕੀ ਕਲਵਾਂ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਲ੍ਹਾ ਰੂਪਨਗਰ ਦੇ ਕਸਬਾ ਨੂਰਪੁਰ ਬੇਦੀ ਦੇ ਨੇੜੇ ਅੱਡਾ ਕਲਵਾਂ ਮੌੜ ਵਿਖੇ ਉਦੋਂ ਹਫ਼ੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਇਕ ਜ਼ਬਰਦਸਤ ਧਮਾਕੇ ਨਾਲ ਸਾਰਾ ਆਲਾ-ਦੁਆਲਾ ਕੰਬ ਉੱਠਿਆ।ਜਾਣਕਾਰੀ ਅਨੁਸਾਰ ਲੰਘੀ ਰਾਤ ਸਾਢੇ 11 ਵਜੇ ਦੇ ਕਰੀਬ ਪੁਲਸ ਚੌਕੀ ਕਲਵਾਂ ਦੀ ਬਾਹਰਲੀ ਕੰਧ ਦੇ ਨਜ਼ਦੀਕ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਪੁਲਸ ਚੌਕੀ ਦੀ ਇਮਾਰਤ ਦੀ ਬਾਹਰਲੀ ਕੰਧ ‘ਚ ਇਕ ਵੱਡਾ ਛੇਦ ਪੈ ਗਿਆ।
ਘਟਨਾ ਸਥਾਨ ਨੇੜੇ ਰਹਿ ਰਹੇ ਲੋਕ ਜਿਹੜੇ ਕਿ ਉਸ ਵੇਲੇ ਗੂੜ੍ਹੀ ਨੀਂਦ ਵਿੱਚ ਸੁੱਤੇ ਹੋਏ ਸਨ, ਧਮਾਕੇ ਦੀ ਆਵਾਜ਼ ਸੁਣ ਕੇ ਆਪਣੇ ਘਰਾਂ ਚੋਂ ਬਾਹਰ ਨਿਕਲ ਆਏ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਸਬੰਧੀ ਪਹਿਲਾਂ ਲੋਕਾਂ ਦਾ ਮੰਨਣਾ ਸੀ ਕਿ ਕਿਸੇ ਗੱਡੀ ਦੇ ਟਾਇਰ ਫੱਟਣ ਦੀ ਆਵਾਜ਼ ਵੀ ਹੋ ਸਕਦੀ ਹੈ ਪਰ ਜਾਂਚ ਦੌਰਾਨ ਪੁਲਸ ਚੌਕੀ ਦੀ ਕੰਧ ਵਿੱਚ ਪਿਆ ਵੱਡਾ ਪਾੜ ਅਤੇ ਕਈ ਕਿਲੋਮੀਟਰ ਤੱਕ ਪੁੱਜੀ ਧਮਾਕੇ ਦੀ ਆਵਾਜ਼ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦੀ ਹੈ।
ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਜਾਂਚ ਵਿਚ ਜੁਟੀ ਹੋਈ ਹੈ। ਇਸ ਮੌਕੇ ਥਾਣਾ ਨੂਰਪੁਰ ਬੇਦੀ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਲਈ ਵਿਸ਼ੇਸ਼ ਤੌਰ ‘ਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੇੜਲੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।