ਗੁਰਦਾਸਪੁਰ, 26 ਮਾਰਚ (ਅੰਸ਼ੂ ਸ਼ਰਮਾ )
ਭਾਸ਼ਾ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਵਿਸ਼ਵ ਰੰਗ-ਮੰਚ ਦਿਵਸ ਨੂੰ ਸਮਰਪਿਤ ਰੂ-ਬ-ਰੂ ਤੇ ਨਾਟ-ਮੰਚਨ ਵਿਸ਼ੇਸ਼ ਸਮਾਰੋਹ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਪ੍ਰਿੰ. ਆਰ.ਕੇ. ਤੁਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿੱਚ ਨਾਮੀ ਨਾਟਕਕਾਰ ਤੇ ਰੰਗ-ਕਰਮੀ ਡਾ. ਸੁਰੇਸ਼ ਮਹਿਤਾ ਨਾਲ ਰੂ-ਬ-ਰੂ ਤੇ ‘ਵਿਸ਼ਵ ਰੰਗ-ਮੰਚ ਦੀ ਸਾਰਥਿਕਤਾ ਤੇ ਪੰਜਾਬੀ ਮੰਚ’ ਵਿਸ਼ੇ ‘ਤੇ ਵਿਚਾਰ-ਚਰਚਾ ਕਰਵਾਈ ਗਈ, ਜੋ ਵੱਡੀ ਗਿਣਤੀ ਵਿੱਚ ਹਾਜ਼ਰ ਸਰੋਤਿਆਂ ਲਈ ਲਾਹੇਵੰਦ ਰਹੀ। ਡਾ. ਮਹਿਤਾ ਨੇ ਸਧਾਰਨ ਜੀਵਨ ਵਿੱਚੋਂ ਕਠਿਨ ਮਿਹਨਤ ਸਦਕਾ ਜੀਵਨ ਵਿੱਚ ਰੰਗ-ਕਰਮੀ ਤੇ ਨਾਟਕਕਾਰ ਬਣ ਦੇ ਸਫ਼ਰ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਜ਼ਿੰਦਗੀ ਦੇ ਨਾਟਕ ਵਿੱਚ ਸਮਾਜ ਦੇ ਮੰਚ ‘ਤੇ ਹਮੇਸ਼ਾਂ ਚੰਗਾ ਰੋਲ ਕਰਕੇ ਸਮਾਜ ਨੂੰ ਨਰੋਆ ਬਣਾਉਣਾ ਚਾਹੀਦਾ ਹੈ। ਇਸ ਮੌਕੇ ਪੰਜਾਬੀ ਭਾਸ਼ਾ ਅਤੇ ਮਾਂ-ਬੋਲੀ ਦੀ ਮੌਜੂਦਾ ਸਥਿਤੀ ਤੇ ਮਹਾਨਤਾ ਨੂੰ ਦਰਸਾਉਣ ਵਾਲੇ ਡਾ. ਸੋਮਪਾਲ ਹੀਰਾ ਵੱਲੋਂ ਲਿਖੇ ਪੰਜਾਬੀ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦੀ ਨਿਰਦੇਸ਼ਕ ਪ੍ਰਿਤਪਾਲ ਸਿੰਘ [ਭਗਤ ਨਾਮਦੇਵ ਜੀ ਥੀਏਟਰ ਸੁਸਾਇਟੀ, ਘੁਮਾਣ] ਵੱਲੋਂ ਕੀਤੀ ਗਈ ਮੰਚੀ ਪੇਸ਼ਕਾਰੀ ਨੇ ਹਾਜ਼ਰ ਦਰਸ਼ਕਾਂ ਦੇ ਭਾਰੀ ਇਕੱਠ ਨੂੰ ਇੰਨਾ ਭਾਵੁਕ ਤੇ ਮੰਤਰ-ਮੁਗਧ ਕਰ ਦਿੱਤਾ ਕਿ ਉਹ ਲਗਾਤਾਰ ਤਾੜੀਆਂ ਨਾਲ ਸਵਾਗਤ ਕਰਦੇ ਹੋਏ ਮਨ ਹੀ ਮਨ ਵਿੱਚ ਮਾਂ-ਬੋਲੀ ਪੰਜਾਬੀ ਦਾ ਸਤਿਕਾਰ ਕਰਨ ਦਾ ਪ੍ਰਣ ਲੈਂਦੇ ਨਜ਼ਰ ਆਏ। ਸਮੁੱਚੇ ਸਮਾਗਮ ਵਿੱਚ ਨਾਮੀ ਸਾਹਿਤਕਾਰ ਧਿਆਨ ਸਿੰਘ ਸ਼ਾਹ ਸਿਕੰਦਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਮਾਰੋਹ ਦੀ ਪ੍ਰਧਾਨਗੀ ਵੀ ਕੀਤੀ। ਧਿਆਨ ਸਿੰਘ ਸ਼ਾਹ ਸਿਕੰਦਰ ਅਨੁਸਾਰ ਅਜਿਹੇ ਸਮਾਗਮ ਕਰਵਾਉਣ ‘ਤੇ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਗੁਰਦਾਸਪੁਰ ਦੀ ਸ਼ਲਾਘਾ ਕਰਦਿਆਂ ਸਥਾਨਿਕ ਕਾਲਜ ਵਿੱਚ ਪੰਜਾਬੀ ਥੀਏਟਰ ਨੂੰ ਸਥਾਪਿਤ ਕਰਨ ਦੀ ਕਾਲਜ ਪ੍ਰਬੰਧਕਾਂ ਨੂੰ ਅਪੀਲ ਕੀਤੀ। ਨਾਮੀ ਗਾਇਕਾ ਰਵਨੀਤ ਔਲਖ, ਅੰਜਲੀ ਦੀਨਾਨਗਰ, ਚਾਹਤ, ਹਰਭਿੰਦਰ ਸਮਿਆਲ, ਸੰਦੀਪ, ਅਵਨੀਤ ਨੇ ਸੱਭਿਆਚਾਰਕ ਗਾਇਕੀ ਨਾਲ ਵੀ ਮਹੌਲ ਨੂੰ ਉਸਾਰੂ ਤੇ ਵਿਰਾਸਤੀ ਰੰਗ ਵਿੱਚ ਰੰਗੀ ਰੱਖਿਆ। ਮੌਕੇ ‘ਤੇ ਮੁੱਖ ਮਹਿਮਾਨ ਧਿਆਨ ਸਿੰਘ ਸ਼ਾਹ ਸਿਕੰਦਰ, ਨਾਟਕਕਾਰ ਡਾ. ਸੁਰੇਸ਼ ਮਹਿਤਾ, ਨਿਰਦੇਸ਼ਕ ਪ੍ਰਿਤਪਾਲ ਸਿੰਘ ਘੁਮਾਣ, ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨ ਵਾਲੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਸਨੇਹ ਸਰਿਤਾ, ਪ੍ਰਿੰ. ਜਸਕਰਨ ਸਿੰਘ, ਪ੍ਰਿੰ. [ਡਾ.] ਆਰ. ਕੇ. ਤੁਲੀ, ਡੀ. ਐੱਮ. ਪੰਜਾਬੀ ਸੁਰਿੰਦਰ ਮੋਹਣ, ਪ੍ਰੋ. ਪ੍ਰਮੋਦ ਗਰੋਵਰ, ਮਾਤਾ ਸੁਰਿੰਦਰ ਕੌਰ ਦਾ ਭਾਸ਼ਾ ਵਿਭਾਗ, ਗੁਰਦਾਸਪੁਰ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਮੌਕੇ ‘ਤੇ ਸਹਿਯੋਗੀ ਭਾਸ਼ਾ ਮੰਚਾਂ ਦੇ ਸਰਪ੍ਰਸਤਾਂ ਤੇ ਭਾਗੀਦਾਰ ਵਿਦਿਆਰਥੀਆਂ ਦਾ ਪ੍ਰਸੰਸਾ ਪੱਤਰ ਦੇ ਕੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਰ ਕਾਰਜ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਪ੍ਰਮੋਦ ਗਰੋਵਰ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰਮੋਦ ਗਰੋਵਰ, ਸੀਨੀਅਰ ਸਹਾਇਕ ਸੁਖਦੇਵ ਸਿੰਘ, ਹਰਦੇਵ ਰਾਜ, ਰਾਜੇਸ਼ ਕੁਮਾਰ ਲੈਕ. ਕਮਰਸ, ਲੈਕ. ਨੀਲਮ ਕੁਮਾਰੀ, ਪਰਮਜੀਤ ਪੰਜਾਬੀ ਮਿਸਟ੍ਰੈੱਸ, ਪ੍ਰੋ. ਆਰਤੀ, ਰੰਗ ਕਰਮੀ ਟੀਸ਼ਾ, ਸੋਨੂ ਫੰਗੋਤਰਾ, ਡਾ. ਸੰਨੀ, ਪ੍ਰੋ. ਸੁਧੀਰ, ਪ੍ਰੋ. ਵੰਦਨਾ, ਆਰਟਿਸਟ ਧੀਰਜ ਕੁਮਾਰ, ਰਵਨੀਤ ਕੁਮਾਰ ਰੰਗ-ਕਰਮੀ ਤੇ ਕਾਲਜ ਦੇ ਸਟਾਫ਼ ਸਮੇਤ ਸਮੂਹ ਵਿਦਿਆਰਥੀ ਆਦਿ ਹਾਜ਼ਰ ਸਨ।