ਬਟਾਲਾ, 31 ਮਈ ( ਅੰਸ਼ੂ ਸ਼ਰਮਾ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਗਰਭਵਤੀ ਔਰਤਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਸ ਸਕੀਮ ਤਹਿਤ ਲਾਭਪਾਤਰੀ ਨੂੰ ਤਿੰਨ ਕਿਸਤਾਂ ਵਿਚ 5000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਤਾਂ ਜੋ ਉਹ ਚੰਗੀ ਖੁਰਾਕ ਖਾ ਸਕਣ। ਇਸ ਨਾਲ ਜੱਚਾ ਬੱਚਾ ਦੋਹਾਂ ਦੀ ਸਿਹਤ ਚੰਗਾ ਪੋਸ਼ਣ ਮਿਲਣ ਨਾਲ ਵਧੀਆ ਰਹਿੰਦੀ ਹੈ।
ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੀ ਵਾਰ ਮਾਂ ਬਣਨ ਜਾ ਰਹੀਆਂ ਔਰਤਾਂ ਲਈ ਸਰਕਾਰ ਵੱਲੋਂ ਇਹ ਵਿੱਤੀ ਮਦਦ ਮੁਹਈਆ ਕਰਵਾਈ ਜਾਂਦੀ ਹੈ। ਇਸ ਲਈ ਬਿਨੈਕਾਰ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਕਾਰਪੋਰੇਸ਼ਨ ਵਿਚ ਨੌਂਕਰੀ ਨਾ ਕਰਦੀ ਹੋਵੇ। ਇਸ ਲਈ ਲਾਭਪਾਤਰੀ ਅਤੇ ਉਸਦੇ ਪਤੀ ਦੇ ਅਧਾਰ ਕਾਰਡ ਅਤੇ ਲਾਭਪਾਤਰੀ ਦੇ ਬੈਂਕ ਖਾਤੇ ਦੀ ਡਿਟੇਲ ਸਮੇਤ ਆਂਗਣਬਾੜੀ ਕੇਂਦਰ ਵਿਖੇ ਅਰਜੀ ਦਿੱਤੀ ਜਾ ਸਕਦੀ ਹੈ।
ਵਿਧਾਇਕ ਕਲਸੀ ਨੇ ਦੱਸਿਆ ਕਿ ਮਾਤਰੂ ਵੰਦਨਾ ਸਕੀਮ ਤਹਿਤ ਪਹਿਲੀ ਕਿਸਤ ਵਜੋਂ 1000 ਰੁਪਏ ਔਰਤ ਦੇ ਗਰਭਧਾਰਨ ਦੇ 150 ਦਿਨਾਂ ਦੇ ਅੰਦਰ ਅੰਦਰ ਨੇੜਲੇ ਆਂਗਣਬਾੜੀ ਕੇਂਦਰ ਤੇ ਰਜਿਸਟੇ੍ਰਸ਼ਨ ਕਰਵਾਉਣ ’ਤੇ ਮਿਲਦੇ ਹਨ। ਇਸੇ ਤਰਾਂ ਗਰਭਵਤੀ ਔਰਤ ਦਾ ਸਿਹਤ ਵਿਭਾਗ ਵੱਲੋਂ ਘੱਟੋ ਘੱਟ ਇਕ ਜਣੇਪਾ ਪ੍ਰੀ ਨੇਟਲ ਹੋਣ ਤੇ ਗਰਭਧਾਰਨ ਦੇ 180 ਦਿਨ ਪੂਰੇ ਹੋਣ ਤੇ 2000 ਰੁਪਏ ਦੀ ਕਿਸਤ ਦਿੱਤੀ ਜਾਂਦੀ ਹੈ। ਇਸੇ ਤਰਾਂ ਤੀਜੀ ਕਿਸਤ ਵਜੋਂ 2000 ਰੁਪਏ ਬੱਚੇ ਦੇ ਜਨਮ ਤੋਂ ਬਾਅਦ ਜਨਮ ਦੀ ਰਜਿਸ਼ਟੇ੍ਰਸ਼ਨ ਹੋਣ ਤੋਂ ਬਾਅਦ ਅਤੇ ਪਹਿਲੇ ਚਰਣ ਦਾ ਟੀਕਾਕਰਨ ਪੂਰਾ ਹੋਣ ਤੇ ਦਿੱਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਵਿੱਤੀ ਮਦਦ ਸਿੱਧੇ ਬੈਂਕ ਖਾਤੇ ਵਿਚ ਭੇਜੀ ਜਾਂਦੀ ਹੈ ਅਤੇ ਇਸ ਨਾਲ ਚੰਗੀ ਖੁਰਾਕ ਸਦਕਾ ਜੱਚਾ ਬੱਚਾ ਦੀ ਮੌਤ ਦਰ ਘੱਟ ਕਰਨ ਵਿਚ ਵੀ ਇਹ ਯੋਜਨਾ ਸਹਾਈ ਹੋ ਰਹੀ ਅਤੇ ਜੱਚਾ ਬੱਚਾ ਸਿਹਤਮੰਦ ਰਹਿੰਦੇ ਹਨ। ਉਨਾਂ ਨੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।