ਗੁਰਦਾਸਪੁਰ, 1 ਜੁਲਾਈ (ਸ਼ਿਵਾ) ਇਫਟੂ ਆਗੂਆਂ ਵਲੋਂ ਲੇਬਰ ਚੌਂਕ ਗੁਰਦਾਸਪੁਰ ਵਿਖੇ ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਕੁਮਾਰ ਅਤੇ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਰੈਲੀ ਕੀਤੀ ਗਈ ।ਰੈਲੀ ਨੂੰ ਸੰਬੋਧਨ ਕਰਦੇ ਹੋਏ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ ,ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰ ਪਾਲ ਘੁਰਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਕਿਰਤ ਕਨੂੰਨਾਂ ਵਿਚ ਸੋਧਾਂ ਕਰਕੇ 44 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਲੇਬਰ ਕੋਡ ਕਨੂੰਨ ਨੂੰ ਇੱਕ ਜੁਲਾਈ ਤੋਂ ਪੂਰੇ ਭਾਰਤ ਵਿੱਚ ਲਾਗੂ ਕਰ ਦਿੱਤਾ ਹੈ । ਜੋ ਭਾਰਤੀ ਮਜਦੂਰ ਜਮਾਤ ਲਈ ਆਉਣ ਵਾਲੇ ਸਮੇਂ ਵਿੱਚ ਘਾਤਕ ਸਿੱਧ ਹੋਣਗੇ।
ਉਨ੍ਹਾਂ ਕਿਹਾ ਹੈ ਕਿ ਦੇਸ਼ ਡੂੰਘੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ ,ਮਹਿੰਗਾਈ ਅਤੇ ਬੇਰੁਜ਼ਗਾਰੀ ਉਚ ਪੱਧਰ ਤੇ ਪਹੁੰਚ ਗਈ ਹੈ । ਮਜ਼ਦੂਰਾਂ ਨੂੰ ਪਰਿਵਾਰ ਚਲਾਉਂਣਾ ਔਖਾ ਹੋ ਗਿਆ ਹੈ। ਨਵੇਂ ਕਿਰਤ ਕੋਡਾਂ ਦੇ ਲਾਗੂ ਹੋਣ ਨਾਲ ਫੈਕਟਰੀ ਕਨੂੰਨ, ਕੰਸਟ੍ਰਕਸ਼ਨ ਵਰਕਰਾਂ ਲਈ ਬਣਿਆ ਕਨੂੰਨ ਵੀ ਖ਼ਤਮ ਹੋ ਜਾਵੇਗਾ। ਕਿਰਤੀਆਂ ਦਾ ਯੂਨੀਅਨ ਬਨਾਉਣ ਦਾ ਅਧਿਕਾਰ ਵੀ ਖ਼ਤਮ ਕਰ ਦਿੱਤਾ ਗਿਆ ਹੈ।ਅਧਿਕਾਰ ਖਤਮ ਕਰਨ ਦੇ ਨਾਲ-ਨਾਲ ਕਿਰਤੀਆਂ ਨੂੰ ਕੰਮ ਤੇ ਰੱਖਣ ਅਤੇ ਕੱਢਣ ਦਾ ਅਧਿਕਾਰ ਵੀ ਮਾਲਕਾਂ ਦੇ ਹੱਕ ਵਿਚ ਕਰ ਦਿੱਤਾ ਗਿਆ ਹੈ। ਉਹਨਾਂ ਆਪਣੀ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਤੋਂ ਇਹ ਕਿਰਤ ਕੋਡ ਵਾਪਸ ਲੈਣ ਦੀ ਪੁਰਜ਼ੋਰ ਮੰਗ ਕੀਤੀ ਕਿਉਂਕਿ ਇਹ ਮਜ਼ਦੂਰ ਵਿਰੋਧੀ ਹਨ ਤੇ ਮਾਲਕਾਂ ਦੇ ਪੱਖ ਵਿਚ ਹਨ। ਇਸ ਲਈ ਇਨ੍ਹਾਂ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ।ਚਾਰ ਕੋਡਾਂ ਨੂੰ ਖਤਮ ਕਰਕੇ ਪਹਿਲਾਂ ਵਾਲੇ ਕਿਰਤ ਕਨੂੰਨ ਲਾਗੂ ਕਰਨੇ ਚਾਹੀਦੇ ਹਨ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਭੇਜ ਕੇ ਹੈ। ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਕਿਰਤ ਕੋਡਾਂ ਨੂੰ ਪੰਜਾਬ ਵਿਚ ਲਾਗੂ ਨਾ ਕੀਤੀ ਜਾਏ।ਜੀ ਏ ਟੁ ਡੀਸੀ ਗੁਰਦਾਸਪੁਰ ਨੂੰ ਮਜ਼ਦੂਰਾਂ ਦੇ ਮੰਗਾਂ ਮਸਲਿਆਂ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਦੋ ਵੱਖ ਮੰਗ ਪੱਤਰ ਭੇਜੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਪਾਲ,ਪਵਨ ਕੁਮਾਰ, ਗੁਰਵਿੰਦਰ ਸਿੰਘ, ਕੁੰਦਨ ਲਾਲ,ਰਾਮ ਸਿੰਘ, ਬਚਿੱਤਰ ਸਿੰਘ ਸੋਮ ਨਾਥ ਵੱਡੀ ਗਿਣਤੀ ਵਿੱਚ ਕਿਰਤੀ ਹਾਜ਼ਰ ਹੋਏ।