ਗੁਰਦਾਸਪੁਰ, 9 ਜੁਲਾਈ (ਸ਼ਿਵਾ) – ਪੰਜਾਬ ਅੰਦਰ ਵਧ ਰਹੀ ਗੈਗਵਾਰ ਨੂੰ ਠੱਲ ਪਾਉਣ ਲਈ ਪੁਲਸ ਵੱਲੋਂ ਲੱਗਾਤਾਰ ਚੈਕਿੰਗਾਂ ਅਤੇ ਸ਼ਰਚ ਅਪ੍ਰੇਸ਼ਨ ਚਲਾਏ ਜਾ ਰਹੇ ਹਨ ਜਿਸ ਸੀ ਦੇ ਚੱਲਦਿਆਂ ਅੱਜ ਜ਼ਿਲਾ ਗੁਰਦਾਸਪੁਰ ਦੇ ਸੀ.ਆਈ. ਏ. ਸਟਾਫ਼ ਅਤੇ ਕਾਊਂਟਰ ਇੰਟੈਲੀਜੈਂਸ ਗੁਰਦਾਸਪੁਰ ਵੱਲੋਂ ਇਕ ਵਿਸ਼ੇਸ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੂੰ 2 ਦੇਸੀ ਪਿਸਤੋਲ 32 ਬੋਰ ਸਮੇਤ ਮੈਗਜ਼ੀਨ ਅਤੇ 4 ਜ਼ਿੰਦਾ ਰੌਂਦ ਸਣੇ ਕਾਬੂ ਕਰਕੇ ਥਾਣਾ ਕਲਾਨੌਰ ਵਿਖੇ ਕੇਸ ਦਰਜ ਕੀਤਾ ਗਿਆ ਹੈ।ਸੂਤਰਾਂ ਤੋਂ ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਬਲਜਿੰਦਰ ਸਿੰਘ ਸੀ. ਆਈ. ਏ. ਸਟਾਫ ਗੁਰਦਾਸਪੁਰ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਜਦ ਉਹ ਅੱਡਾ ਜੌੜਾ ਛੱਤਰਾਂ ਪਹੁੰਚੇ ਤਾਂ ਉੱਥੇ ਸਹਾਇਕ ਸਬ-ਇੰਸਪੈਕਟਰ ਜਸਬੀਰ ਸਿੰਘ ਕਾਊਂਟਰ ਇੰਟੈਲੀਜੈਂਸ ਗੁਰਦਾਸਪੁਰ ਸਮੇਤ ਨਾਲਦੇ ਕਰਮਚਾਰੀਆਂ ਨਾਲ ਉਨ੍ਹਾਂ ਨੂੰ ਮਿਲੇ ਜਿਸ ਤੇ ਉਨ੍ਹਾਂ ਨੂੰ ਕਿਸੇ ਮੁੱਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਦੋਸ਼ੀ ਪ੍ਰਤਾਪ ਉਰਫ ਬੌਬੀ ਪੁੱਤਰ ਅਮਰ ਮਸੀਹ ਨਿਵਾਸੀ ਖੱਦਰ ਥਾਣਾ ਕਲਾਨੌਰ ਅਤੇ ਵਿਜੇ ਮਸੀਹ ਪੁੱਤਰ ਪ੍ਰੇਮ ਮਸੀਹ ਨਿਵਾਸੀ ਭੁੱਗਤਾਣਾ ਬੋਹੜ੍ਹਵਾਲਾ ਥਾਣਾ ਡੇਰਾ ਬਾਬਾ ਨਾਨਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਲਾਨੌਰ ਤੋਂ ਗੁਰਦਾਸਪੁਰ ਨੂੰ ਆ ਰਹੇ ਹਨ।
ਇਨ੍ਹਾਂ ਕੋਲ ਨਾਜਾਇਜ਼ ਅਸਲਾ ਹੈ, ਜਿਸ ਤੇ ਉਨ੍ਹਾਂ ਵੱਲੋਂ ਪੁਲਸ ਪਾਰਟੀ ਨਾਲ ਅੱਡਾ ਗੋਸਲ ਪੁੱਲੀ ਉਪਰ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਜਦੋਂ ਮੋਟਰਸਾਈਕਲ ਨੰਬਰ ਪੀ. ਬੀ. 06 ਸੀ. ਐਕਸ 5638 ਸਪਲੈਂਡਰ ’ਤੇ ਸਵਾਰ ਹੋ ਕੇ ਦੋ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਾਲਾਸ਼ੀ ਲਈ ਤਾਂ ਦੋਸ਼ੀ ਪ੍ਰਤਾਪ ਉਰਫ ਬੌਬੀ ਤੋਂ ਇਕ ਦੇਸੀ ਪਿਸਤੋਲ 32 ਬੋਰ ਸਮੇਤ ਮੈਗਜ਼ੀਨ ਅਤੇ 2 ਰੌਂਦ ਜ਼ਿੰਦਾ ਅਤੇ ਦੋਸ਼ੀ ਵਿਜੇ ਮਸੀਹ ਤੋਂ ਇਕ ਪਿਸਤੋਲ ਦੇਸੀ 32 ਬੋਰ ਸਮੇਤ ਮੈਗਜ਼ੀਨ ਅਤੇ 2 ਰੌਂਦ ਜ਼ਿੰਦਾ ਬਰਾਮਦ ਹੋਏ, ਜਿਸ ’ਤੇ ਪੁਲਸ ਪਾਰਟੀ ਵੱਲੋਂ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਕਬਜ਼ੇ ’ਚ ਲਿਆ ਗਿਆ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ।