ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵੰਡੇ ਜਾ ਰਹੇ ਨੇ ਮੁਫ਼ਤ ਪੌਦੇ : ਕੈਬਨਿਟ ਮੰਤਰੀ ਕਟਾਰੂਚੱਕ
ਕਿਹਾ, ਹਰਿਆਵਲ ਲਹਿਰ ਤਹਿਤ ਹਰ ਵਿਧਾਨ ਸਭਾ ਹਲਕੇ ’ਚ ਲੱਗਣਗੇ 50 ਹਜ਼ਾਰ ਪੌਦੇ ਅਤੇ 115 ਤ੍ਰਿਵੈਣੀਆਂ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਹੋਏ ਨਤਮਸਤਕ
ਘੁਮਾਣ/ਬਟਾਲਾ, 12 ਅਗਸਤ (ਅਖਿਲ ਮਲਹੋਤਰਾ ) – ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਅੱਜ ਪਿੰਡ ਘੁਮਾਣ ਅਤੇ ਕੋਟਲੀ ਲੇਹਲ ਵਿਖੇ ਵਣਮਹਾਂਉਤਸਵ ਮਨਾਇਆ ਗਿਆ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੂੰ ਮੁਫ਼ਤ ਪੌਦੇ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੀ ਮੌਜੂਦ ਸਨ।
ਜੰਗਲਾਤ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਇਸ ਮੌਕੇ ਲੋਕਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸੂਬੇ ਭਰ ਵਿਚ ਮੁਫ਼ਤ ਪੌਦੇ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਵਲ ਲਹਿਰ ਤਹਿਤ ਹਰ ਵਿਧਾਨ ਸਭਾ ਹਲਕੇ ਵਿਚ 50 ਹਜ਼ਾਰ ਪੌਦੇ ਅਤੇ 115 ਤ੍ਰਿਵੈਣੀਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ, ਜਿਸ ਲਈ ਵਿਭਾਗ, ਪੰਚਾਇਤਾਂ ਅਤੇ ਵੱਖ-ਵੱਖ ਸੰਗਠਨ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਨਾਲ ਸੰਪਰਕ ਕਾਇਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਵਾਮ ਦੇ ਸਹਿਯੋਗ ਨਾਲ ਹਰਿਆਲ ਲਹਿਰ ਨੂੰ ਪੂਰੀ ਤਰਾਂ ਕਾਮਯਾਬ ਕਰੇਗੀ ਜਿਸ ਨਾਲ ਵਾਤਾਵਰਨ ਵਿੱਚ ਵੱਡੇ ਸੁਧਾਰ ਦੇਖਣ ਨੂੰ ਮਿਲਣਗੇ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਕਟਾਰੂ ਚੱਕ ਵੱਲੋਂ ਘੁਮਾਣ ਦੇ ਬਾਬਾ ਨਾਮਦੇਵ ਸਕੂਲ ਵਿੱਚ ਆਪਣੇ ਹੱਥੀਂ ਤ੍ਰਿਵੈਣੀ ਵੀ ਲਗਾਈ ਗਈ। ਇਸ ਤੋਂ ਬਾਅਦ ਪਿੰਡ ਕੋਟਲੀ ਲੇਹਲ ਵਿਖੇ ਵੀ ਵਣ-ਮਹਾਂਉਤਸਵ ਮਨਾਇਆ ਗਿਆ।
ਸ੍ਰੀ ਨਾਮਦੇਵ ਨਗਰ ਘੁਮਾਣ ਦੇ ਵਿਕਾਸ ਸਬੰਧੀ ਗੱਲ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਕਟਾਰੂ ਚੱਕ ਨੇ ਕਿਹਾ ਇਤਿਹਾਸਕ ਕਸਬਾ ਘੁਮਾਣ ਦੇ ਵਿਕਾਸ ਕਾਰਜ਼ਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸਨੂੰ ਵਿਕਾਸ ਪੱਖੋਂ ਸੰੁਦਰ ਅਤੇ ਵਿਕਸਤ ਬਣਾਇਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹਰਿਆਵਲ ਲਹਿਰ ਨੂੰ ਸਫਲ ਬਣਾਉਣ ਲਈ ਹਰ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਅਤੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸ਼੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਡੀ, ਮੀਤ ਪ੍ਰਧਾਨ ਅਤੇ ਸਰਪੰਚ ਘੁਮਾਣ ਨਰਿੰਦਰ ਸਿੰਘ ਨਿੰਦੀ, ਸਰਬਜੀਤ ਸਿੰਘ ਬਾਵਾ, ਸੰਤੋਖ ਸਿੰਘ ਬਾਵਾ ਵਲੋਂ ਕੈਬਨਿਟ ਮੰਤਰੀ ਕੱਟਾਰੂਚੱਕ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਰਨੈਲ ਸਿੰਘ ਬਾਠ, ਵਣ ਮੰਡਲ ਅਫਸਰ ਫਿਲੌਰ, ਅੰਜਨ ਸਿੰਘ ਵਣ ਮੰਡਲ ਅਫਸਰ ਗੁਰਦਾਸਪੁਰ, ਬਲਰਾਜ ਸਿੰਘ ਰੇਂਜ ਅਫ਼ਸਰ ਕਾਦੀਆਂ, ਮਨਵੀਰ ਸਿੰਘ, ਅਮਨਦੀਪ ਸਿੰਘ, ਸਿਮਰਨਜੀਤ ਸਿੰਘ, ਸਾਬਕਾ ਸਰਪੰਚ ਕੁਲਵੰਤ ਬੀਰ ਸਿੰਘ ਘੁਮਾਣ, ਡਾ. ਹਰਜਿੰਦਰ ਸਿੰਘ ਜੱਜ, ਨਿਸ਼ਾਨ ਸਿੰਘ ਬੋਲੇਵਾਲ, ਪਰਮਵੀਰ ਸਿੰਘ ਰਾਣਾ, ਅਰਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ, ਹਰਭਜਨ ਸਿੰਘ, ਪਰਲੋਕ ਸਿੰਘ, ਅੰਮ੍ਰਿਤਪਾਲ ਸਿੰਘ, ਮੈਨੇਜਰ ਤਰਲੋਚਨ ਸਿੰਘ ਧਾਮੀ, ਅਸ਼ਵਨੀ ਕੁਮਾਰ ਮਿੰਟਾ, ਬਾਬਾ ਨਰਿੰਦਰ ਸਿੰਘ ਆਦਿ ਹਾਜ਼ਰ ਸਨ।