ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਮਸਾਣੀਆਂ ਵਿਖੇ ਨਵੀਂ ਬਣੀ ਆਮ ਆਦਮੀ ਕਲੀਨਿਕ ਦਾ ਜਾਇਜਾ ਲਿਆ
ਅਜ਼ਾਦੀ ਦਿਹਾੜੇ ਮੌਕੇ ਸੂਬੇ ਭਰ ਵਿੱਚ 75 ਆਮ ਆਦਮੀ ਕਲੀਨਿਕਾਂ ਨੂੰ ਕੀਤਾ ਜਾਵੇਗਾ ਲੋਕ ਅਰਪਣ – ਵਿਧਾਇਕ ਸ਼ੈਰੀ ਕਲਸੀ
ਬਟਾਲਾ, 12 ਅਗਸਤ (ਅਖਿਲ ਮਲਹੋਤਰਾ ਸੁਖਨਾਮ ਸਿੰਘ) – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ 15 ਅਗਸਤ ਨੂੰ 75ਵੇਂ ਸੁਤੰਤਰਤਾ ਦਿਵਸ ਮੌਕੇ ਸੂਬੇ ਭਰ ਵਿੱਚ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਨਾਂ ਆਮ ਆਦਮੀ ਕਲੀਨਿਕਾਂ ਵਿੱਚੋਂ ਇੱਕ ਪਿੰਡ ਮਸਾਣੀਆਂ ਦੇ ਆਮ ਆਦਮੀ ਕਲੀਨਿਕ ਨੂੰ ਵੀ ਅਜ਼ਾਦੀ ਦਿਹਾੜੇ ਮੌਕੇ ਲੋਕ ਅਰਪਣ ਕੀਤਾ ਜਾਵੇਗਾ। ਪਿੰਡ ਮਸਾਣੀਆਂ ਵਿਖੇ ਬਣ ਕੇ ਤਿਆਰ ਹੋਏ ਆਮ ਆਦਮੀ ਕਲੀਨਿਕ ਦਾ ਜਾਇਜਾ ਲੈਣ ਲਈ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਵਿਸ਼ੇਸ਼ ਤੌਰ ’ਤੇ ਪਹੁੰਚੇ।
ਆਮ ਆਦਮੀ ਕਲੀਨਿਕ ਦਾ ਜਾਇਜਾ ਲੈਣ ਤੋਂ ਬਾਅਦ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਕਲੀਨਿਕ ਸੂਬੇ ਭਰ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰਨਗੇ। ਉਨਾਂ ਕਿਹਾ ਕਿ ਹਰੇਕ ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦੇ ਇਲਾਜ ਤੇ ਬਿਮਾਰੀਆਂ ਦਾ ਪਤਾ ਲਾਉਣ ਲਈ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰਾਂ ਸਣੇ ਸਟਾਫ਼ ਦੇ 4-5 ਵਿਅਕਤੀ ਹੋਣਗੇ। ਉਨਾਂ ਦੱਸਿਆ ਕਿ ਇਨਾਂ ਕਲੀਨਿਕ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਦੇ ਨਾਲ-ਨਾਲ ਸਟਾਫ਼ ਤੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਵਰਗੀਆਂ ਬੁਨਿਆਦੀ ਸਹੂਲਤਾਂ ਹਨ।
ਸ੍ਰੀ ਕਲਸੀ ਨੇ ਕਿਹਾ ਕਿ ਇਨਾਂ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਦਵਾਈਆਂ ਤੇ ਬਿਮਾਰੀਆਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਵਿੱਚ ਮਿਲੇਗੀ। ਉਨਾਂ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਅੱਗੇ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ। ਉਨਾਂ ਉਮੀਦ ਜ਼ਾਹਰ ਕੀਤੀ ਕਿ ਇਨਾਂ ਕਲੀਨਿਕਾਂ ਨਾਲ ਪੰਜਾਬ ਵਿੱਚ ਸਿਹਤ ਸੰਭਾਲ ਢਾਂਚੇ ਵਿੱਚ ਮਿਸਾਲੀ ਸੁਧਾਰ ਹੋਣਗੇ ਅਤੇ ਇਨਾਂ ਕਲੀਨਿਕਾਂ ਵਿੱਚ ਮਰੀਜ਼ਾਂ ਦਾ ਇਲਾਜ ਹੋਣ ਨਾਲ ਹਸਪਤਾਲਾਂ ਤੋਂ ਬੋਝ ਘਟੇਗਾ।
ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਅਜ਼ਾਦੀ ਦਿਹਾੜੇ ਮੌਕੇ ਮਸਾਣੀਆਂ ਪਿੰਡ ਦੀ ਆਮ ਆਦਮੀ ਕਲੀਨਿਕ ਸਮੇਤ ਸੂਬੇ ਭਰ ਵਿੱਚ 75 ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤੇ ਜਾ ਰਹੇ ਹਨ ਜਦਕਿ ਅਗਲੇ ਪੜਾਅ ਵਿੱਚ ਹੋਰ ਵੀ ਕਲੀਨਿਕਾਂ ਨੂੰ ਖੋਲਿਆ ਜਾਵੇਗਾ।
ਇਸ ਮੌਕੇ ਉਨਾਂ ਨਾਲ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ, ਡਾ. ਲਖਵਿੰਦਰ ਸਿੰਘ, ਡਾ. ਜਗਦੀਪ ਸਿੰਘ, ਗੋਪਿੰਦਰ ਸਿੰਘ ਪੱਡਾ, ਜਸਵੰਤ ਸਿੰਘ, ਪ੍ਰਤਾਪ ਸਿੰਘ, ਵਰਿੰਦਰਜੀਤ ਸਿੰਘ, ਸੀ.ਐੱਚ.ਓ. ਮਨਦੀਪ ਕੌਰ, ਏ.ਐੱਨ.ਐੱਮ. ਇੰਦਰਜੀਤ ਕੌਰ ਸਮੇਤ ਹੋਰ ਪੈਰਾ ਮੈਡੀਕਲ ਸਟਾਫ਼, ਆਪ ਆਗੂ ਸੁਮਿਤ ਤ੍ਰੇਹਨ, ਸਰਪੰਚ ਪਿੰਡ ਮਸਾਣੀਆਂ ਗੁਰਵਿੰਦਰ ਸਿੰਘ ਕਾਹਲੋਂ, ਚਤਰਥ ਮਸੀਹ, ਸੁਰਜੀਤ ਸਿੰਘ ਮੱਲੀ, ਸੰਦੀਪ ਮੱਲੀ, ਮਲਕੀਤ ਸਿੰਘ ਬਾਠ, ਗਗਨਦੀਪ ਸਿੰਘ ਬਟਾਲਾ, ਨਿੱਕੂ ਹੰਸਪਾਲ, ਦਲਜੀਤ ਸਿੰਘ ਤੇ ਹੋਰ ਵੀ ਮੋਹਤਬਰ ਹਾਜ਼ਰ ਸਨ।